You are currently viewing ਜਲੰਧਰ ਕਮਿਸ਼ਨਰੇਟ ਪੁਲਿਸ ਦੀ ਮੋਬਾਈਲ ਖੋਹਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, 22 ਮੋਬਾਈਲਾਂ ਸਮੇਤ ਚਾਰ ਗ੍ਰਿਫ਼ਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਮੋਬਾਈਲ ਖੋਹਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, 22 ਮੋਬਾਈਲਾਂ ਸਮੇਤ ਚਾਰ ਗ੍ਰਿਫ਼ਤਾਰ

ਜਲੰਧਰ: ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੋਬਾਈਲ ਫ਼ੋਨ ਖੋਹਣ ਵਾਲਿਆਂ ਖ਼ਿਲਾਫ਼ ਅਹਿਮ ਕਾਰਵਾਈ ਕਰਦਿਆਂ 22 ਮੋਬਾਈਲ ਫ਼ੋਨਾਂ ਸਮੇਤ ਚਾਰ ਮੋਬਾਈਲ ਖੋਹਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਤਿਨ ਉਰਫ਼ ਜੱਟੂ ਅਤੇ ਕਮਲਜੀਤ ਸਿੰਘ ਉਰਫ਼ ਕਮਲ ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕਰਨ ਦੇ ਆਦੀ ਅਪਰਾਧੀ ਹਨ ਅਤੇ ਇਨ੍ਹਾਂ ਵਿਰੁੱਧ ਕੇਸ ਦਰਜ ਹਨ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਢਿਲਵਾਂ ਚੌਂਕ ਵਿਖੇ ਜਾਲ ਵਿਛਾਇਆ ਜਿੱਥੇ ਦੋਨੋਂ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਯੋਜਨਾ ਬਣਾ ਰਹੇ ਸਨ, ਜਿਸ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਬਿਨਾਂ ਨੰਬਰ ਦੇ ਹੀਰੋ ਪੈਸ਼ਨ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਇਨ੍ਹਾਂ ਕੋਲੋਂ ਇੱਕ ਹੋਰ ਮੋਟਰਸਾਈਕਲ, 12 ਮੋਬਾਈਲ ਫ਼ੋਨ ਅਤੇ ਦੋ ਸਮਾਰਟ ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਖਿਲਾਫ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਐਫ.ਆਈ.ਆਰ 90 ਮਿਤੀ 07-04-2024 ਅਧੀਨ 379/34 ਆਈ.ਪੀ.ਸੀ. ਇਸੇ ਤਰ੍ਹਾਂ ਉਸ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਐਚ.ਐਨ. 935 ਗੁਰੂ ਅਰਜੁਨ ਨਗਰ, ਬਸਤੀ ਮਿੱਠੂ, ਬਸਤੀ ਬਾਵਾ ਖੇਲ, ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ 4 ਅਪ੍ਰੈਲ 2024 ਨੂੰ ਇੱਕ ਲੜਕੇ-ਲੜਕੀ ਨੇ ਉਸ ਤੋ ਪਤਾ ਪੁਛਣ ਦੇ ਬਹਾਨੇ ਨਾਲ ਮੋਬਾਈਲ ਫ਼ੋਨ ਖੋਹ ਲਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਨੇ ਇਸ ਜੁਰਮ ਲਈ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ, ਜਿਸ ਦਾ ਨੰਬਰ ਪੀ.ਬੀ.08-ਬੀ.ਐਸ.-1949 ਸੀ ਜਿਸ ਉਪਰੰਤ ਪੁਲਿਸ ਨੇ ਥਾਣਾ ਡਿਵੀਜ਼ਨ 2 ਜਲੰਧਰ ਵਿਖੇ ਐਫਆਈਆਰ 27 ਮਿਤੀ 06-04-2024 ਅਧੀਨ 379ਬੀ/34 ਆਈਪੀਸੀ ਦਰਜ ਕੀਤੀ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡੂੰਘਾਈ ਨਾਲ ਤਫ਼ਤੀਸ਼ ਕਰਕੇ ਸਾਗਰ ਉਰਫ ਸੈਮ ਅਤੇ ਨਿਸ਼ਾ ਉਰਫ ਸ਼ਾਲੂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਿਹਾ ਕਿ ਤਫਤੀਸ਼ ਦੌਰਾਨ ਪੁਲਿਸ ਨੇ 10 ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਜਿਨ੍ਹਾਂ ਵਿੱਚ ਰੀਅਲਮੀ ਦੇ ਦੋ, ਸੈਮਸੰਗ ਦੇ ਤਿੰਨ, ਓਪੋ ਦੇ ਦੋ ਅਤੇ ਵੀਵੋ, Redmi ਅਤੇ iTel ਦੇ ਇੱਕ-ਇੱਕ ਮੋਬਾਈਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਗਰ ਅਤੇ ਨਿਸ਼ਾ ਖ਼ਿਲਾਫ਼ ਪਹਿਲਾਂ ਹੀ ਇੱਕ-ਇੱਕ ਐਫਆਈਆਰ ਲੰਬਿਤ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਅਪਰਾਧੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾ ਕੇ ਅਪਰਾਧ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

Jalandhar Commissionerate Police’s major action against mobile phone thieves, four arrested along with 22 mobile phones