You are currently viewing ਪੀੜਤ ਨੇ ਪਤਨੀ ਦੇ ਕਾਰ ਮਾਰਨ ਵਾਲਿਆ ’ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਲਾਏ ਦੋਸ਼

ਪੀੜਤ ਨੇ ਪਤਨੀ ਦੇ ਕਾਰ ਮਾਰਨ ਵਾਲਿਆ ’ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਲਾਏ ਦੋਸ਼

–ਗੁਆਢੀਆ ਦੇ ਵਿਦੇਸ਼ੋਂ ਆਏ ਜਵਾਈ ਨੇ ਮਾਰੀ ਸੀ ਕਾਰ ਦੀ ਟੱਕਰ, ਸਿਰ ਦੇ ਪਿੱਛੇ ਲੱਗੀ ਸੱਟ

–ਕਿਹਾ, ਐੱਮਐੱਲਆਰ ਦੇਣ ਦੇ ਬਾਵਜੂਦ ਥਾਣਾ-1 ਦਾ ਥਾਣੇਦਾਰ ਨਹੀਂ ਕਰ ਰਿਹਾ ਕਾਰਵਾਈ

ਜਲੰਧਰ: ਸਲੇਮਪੁਰ ਮੁਸਲਮਾਨਾ ਵਾਸੀ ਵਿਅਕਤੀ ਨੇ ਗੁਆਢੀਆ ਦੇ ਜਵਾਈ ਵੱਲੋਂ ਉਸ ਦੀ ਪਤਨੀ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਕਾਰ ਮਾਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ ਇਕ ਦੇ ਥਾਣੇਦਾਰ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆ ਉੱਚ ਅਧਿਕਾਰੀਆ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆ ਪੀੜਤ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਬਿਜਲੀ ਮਕੈਨਿਕ ਹੈ ਤੇ ਨਿੱਜੀ ਸਕੂਲ ਨਾਲ ਆਪਣੀ ਸਕੂਲੀ ਬੱਸ ਲਾਈ ਹੋਈ ਹੈ। ਉਹ ਆਪਣੀ ਸਕੂਲ ਬੱਸ ਘਰ ਨੇੜਲੀ ਖਾਲੀ ਥਾਂ ’ਤੇ ਲਾਉਂਦਾ ਆ ਰਿਹਾ ਹੈ। ਪਿਛਲੇ ਕੁਝ ਸਮੇਂ ਉਸਦੇ ਗੁਆਢ ’ਚ ਰਹਿੰਦੇ ਬਲਵਿੰਦਰ ਸਿੰਘ ਪਿੰਦਾ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਉਨ੍ਹਾਂ ਨਾਲ ਬੱਸ ਲੰਘਾਉਣ ਤੋਂ ਝਗੜਾ ਕਰਦੇ ਆ ਰਹੇ ਸਨ ਪਰ ਅਸੀਂ ਝਗੜਾ ਕਰਨਾ ਠੀਕ ਨਹੀਂ ਸਮਝਿਆ ਤੇ ਚੁੱਪਚਾਪ ਸੁਣਦੇ ਰਹੇ। ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਤੇ ਜਵਾਈ ਜੋ ਕਿ ਮਹਿਤਪੁਰ ਨੇੜਲੇ ਕਿਸੇ ਪਿੰਡ ਦੇ ਵਸਨੀਕ ਹਨ ਅਤੇ ਜਰਮਨ ਤੋਂ ਆਏ ਹੋਏ ਹਨ, ਬਲਵਿੰਦਰ ਸਿੰਘ ਪਿੰਦਾ ਦੇ ਘਰ ਆ ਕੇ ਰਹਿਣ ਲੱਗ ਪਏ।

ਇਸ ਦੌਰਾਨ ਫਿਰ ਉਨ੍ਹਾਂ ਨੇ ਬੱਸ ਲੰਘਾਉਣ ਤੋਂ ਸਾਡੇ ਨਾਲ ਝਗੜਾ ਕੀਤਾ ਜਦੋਂ ਅਸੀਂ ਕਿਹਾ ਕਿ ਬੱਸ ਲੰਘਾਉਣ ਨਾਲ ਅਸੀਂ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਦੇ ਤਾਂ ਉਨ੍ਹਾਂ ਨੇ ਧਮਕੀਆ ਦਿੱਤੀਆ ਕਿ ਤੁਹਾਡੀ ਬੱਸ ਨਹੀਂ ਲੰਘਣ ਦੇਣੀ ਜੋ ਮਰਜ਼ੀ ਹੋ ਜਾਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਵਾਈ ਵਾਲੀ ਕਾਰ ਗਲੀ ਦੇ ਮੋੜ ਨੇੜੇ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਬੱਸ ਮੋੜਨ ’ਚ ਵੀ ਸਮੱਸਿਆ ਆ ਰਹੀ ਸੀ। ਜਦੋਂ ਅਸੀਂ ਕਾਰ ਉਥੋਂ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਸਾਨੂੰ ਧਮਕੀਆ ਦਿੱਤੀਆ ਕਿ ਜੇਕਰ ਤੁਸੀਂ ਸਾਡੇ ਗੱਡੀ ਦੇ ਸਾਹਮਣੇ ਆ ਗਏ ਤਾਂ ਜਾਨੋਂ ਮਾਰ ਦਿਆਗੇ। ਹਰਦੇਵ ਸਿੰਘ ਨੇ ਦੱਸਿਆ ਕਿ 25 ਜੁਲਾਈ ਨੂੰ ਸਵੇਰੇ 11 ਵਜੇ ਦੇ ਕਰੀਬ ਉਸ ਦੀ ਪਤਨੀ ਨਰਿੰਦਰਜੀਤ ਕੌਰ ਘਰੋਂ ਬਾਹਰ ਨਿਕਲੀ ਤਾਂ ਗੁਆਢੀਆ ਦਾ ਜਵਾਈ ਤੇ ਧੀ ਕਾਰ ’ਚ ਚੱਲੇ ਸਨ ਜਦੋਂ ਉਨ੍ਹਾਂ ਨੇ ਨਰਿੰਦਰਜੀਤ ਕੌਰ ਨੂੰ ਦੇਖਿਆ ਤਾਂ ਕਾਰ ਨਾਲ ਉਸ ਦੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਨਾਲ ਉਸ ਦੀ ਪਤਨੀ ਗਲੀ ’ਚ ਡਿੱਗ ਗਈ । ਗੱਡੀ ਵੱਜਣ ਦੀ ਆਵਾਜ਼ ਸੁਣ ਕੇ ਉਹ ਬਾਹਰ ਨਿਕਲੇ ਤਾਂ ਉਸ ਦੀ ਪਤਨੀ ਗਲੀ ’ਚ ਬੇਹੋਸ਼ ਪਈ ਸੀ ਤੇ ਸਿਰ ਦੇ ਪਿਛਲੇ ਪਾਸਿਓਂ ਖ਼ੂਨ ਨਿਕਲ ਰਿਹਾ ਸੀ। ਟੱਕਰ ਮਾਰਨ ਤੋਂ ਬਾਅਦ ਬਲਵਿੰਦਰ ਸਿੰਘ ਪਿੰਦਾ ਦੇ ਧੀ ਤੇ ਜਵਾਈ ਨੇ ਗਲਤੀ ਮੰਨਣ ਦੀ ਬਜਾਏ ਉਲਟਾ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਝਗੜਨ ਦੀ ਬਜਾਏ ਆਪਣੀ ਪਤਨੀ ਨੂੰ ਆਪਣੀ ਧੀ ਦੀ ਸਹਾਇਤਾ ਨਾਲ ਮੋਟਰਸਾਈਕਲ ’ਤੇ ਬਿਠਾਇਆ ਤੇ ਦੋਵੇਂ ਪਿਓ-ਧੀ ਨਰਿੰਦਰਜੀਤ ਕੌਰ ਨੂੰ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰ ਨੇ ਉਸ ਦੇ ਸਿਰ ਪਿੱਛੇ ਲੱਗੀ ਸੱਟ ’ਤੇ 7 ਦੇ ਕਰੀਬ ਟਾਂਕੇ ਲਾਏ।

ਇਸ ਦੇ ਨਾਲ ਹੀ ਹਸਪਤਾਲ ’ਚ ਡਾਕਟਰ ਵੱਲੋਂ ਤਿਆਰ ਕੀਤੀ ਗਈ ਮੈਡੀਕਲ ਰਿਪੋਰਟ ’ਚ ਲਿਖਿਆ ਗਿਆ ਹੈ ਕਿ ਸੱਟ ਲੱਗਣ ਨਾਲ ਸਿਰ ਦੀ ਹੱਡੀ ’ਚ ਵੀ ਕਰੈਕ ਆਇਆ ਹੈ। ਉਸ ਨੇ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਨੰਬਰ ਇਕ ’ਚ ਦਿੱਤੀ ਤਾਂ ਏਐੱਸਆਈ ਪਲਵਿੰਦਰ ਸਿੰਘ ਜਾਂਚ ਦਿੱਤੀ ਗਈ। ਉਸ ਦਿਨ ਤੋਂ ਲੈ ਕੇ ਉਹ ਕਈ ਵਾਰ ਏਐੱਸਆਈ ਨੂੰ ਕਾਰਵਾਈ ਕਰਨ ਲਈ ਕਹਿ ਚੁੱਕੇ ਹਨ ਪਰ ਉਲਟਾ ਏਐੱਸਆਈ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਦੂਜੀ ਧਿਰ ਨੂੰ ਸਹੀ ਠਹਿਰਾ ਰਿਹਾ ਹੈ। ਹਾਲਾਂਕਿ ਗਲੀ ਦੇ ਲੋਕਾਂ ਨੇ ਮੌਕਾ ਵੇਖਣ ਆਏ ਏਐੱਸਆਈ ਨੂੰ ਦੱਸਿਆ ਕਿ ਬਲਵਿੰਦਰ ਸਿੰਘ ਪਿੰਦਾ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਇਨ੍ਹਾਂ ਨਾਲ ਝਗੜਾ ਕਰਦੇ ਰਹਿੰਦੇ ਹਨ।

ਹਰਦੇਵ ਸਿੰਘ ਨੇ ਕਿਹਾ ਕਿ ਉਕਤ ਘਟਨਾ ਦੀਆ ਉਨ੍ਹਾਂ ਵੀਡੀਓ ਮੌਜੂਦ ਹਨ ਜੋ ਕਿ ਪੁਲਿਸ ਨੂੰ ਵੀ ਦਿਖਾਈਆ ਗਈਆ ਪਰ ਏਐੱਸਆਈ ਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਦੂਜੀ ਧਿਰ ਦੇ ਜਵਾਈ ਨੂੰ ਉਥੋਂ ਖਿਸਕਾ ਦਿੱਤਾ ਹੈ। ਉਨ੍ਹਾਂ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਸ ਦੀ ਪਤਨੀ ਨੂੰ ਗੱਡੀ ਮਾਰਨ ਵਾਲਿਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਹਰਦੇਵ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਥਾਣੇ ’ਚੋਂ ਇਨਸਾਫ਼ ਨਾ ਮਿਲਿਆ ਤਾਂ ਉਹ ਉੱਚ ਅਧਿਕਾਰੀਆ ਨੂੰ ਵੀ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ। ਉਸ ਦੀ ਪਤਨੀ 8-9 ਦਿਨ ਹਸਪਤਾਲ ਰਹੀ।

 

The victim accused the police of not taking action against the person who hit his wife’s car