ਜਲੰਧਰ ( ਅਮਨ ਬੱਗਾ ) ਜਾਰਜੀਆ ਦੇ ਇੱਕ ਰੈਸਟੋਰੈਂਟ ਵਿੱਚ 14 ਦਸੰਬਰ ਨੂੰ ਗੈਸ ਲੀਕ ਹੋਣ ਦੀ ਘਟਨਾ ਵਿੱਚ ਮਰੇ ਪੰਜਾਬ ਦੇ 11 ਨੌਜਵਾਨਾਂ ਵਿੱਚੋਂ ਜਲੰਧਰ ਦੇ ਰਵਿੰਦਰ ਕਾਲਾ ਦੇ ਘਰ ਕੋਟ ਰਾਮ ਦਾਸ ਵਿੱਚ ਪਰਿਵਾਰ ਦੀ ਮਦਦ ਕਰਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ.ਐਸ.ਪੀ.ਐਸ ਓਬਰਾਏ ਪਹੁੰਚੇ।। ਇਸ ਦੌਰਾਨ ਉਨ੍ਹਾਂ ਦੇ ਨਾਲ ਆਪ ਦੇ ਯੂਥ ਆਗੂ ਪਰਵੀਨ ਪਹਿਲਵਾਨ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਨੇ ਛੋਟੇ ਬੱਚਿਆਂ ਦੀ ਪੜ੍ਹਾਈ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪ੍ਰਤੀ ਮਹੀਨਾ ਵਾਧੂ 5,000 ਰੁਪਏ ਦੇ ਨਾਲ ਪਰਿਵਾਰ ਲਈ 5,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਧੀਆਂ ਲਈ 2-2 ਲੱਖ ਰੁਪਏ ਫਿਕਸਡ ਡਿਪਾਜ਼ਿਟ ਵੀ ਭੇਟ ਕਰਾਂਗੇ । ਡਾ. ਓਬਰਾਏ ਨੇ ਵਿਸ਼ਵਾਸ ਦਿਵਾਇਆ ਕਿ ਟਰੱਸਟ ਮਰਹੂਮ ਰਵਿੰਦਰ ਦੇ ਪਰਿਵਾਰ ਲਈ 2 ਬੈੱਡਰੂਮ ਵਾਲੇ ਘਰ ਦੀ ਉਸਾਰੀ ਵਿੱਚ ਮਦਦ ਕਰੇਗਾ।
ਇਸ ਮੌਕੇ ਆਪ ਆਗੂ ਪਰਵੀਨ ਪਹਿਲਵਾਨ ਨੇ ਕਿਹਾ ਅਸੀਂ ਸਾਰਾ ਇਲਾਕਾ ਵਾਸੀ ਬਹੁਤ ਧੰਨਵਾਦ ਕਰਦੇ ਹਾਂ । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ.ਐਸ.ਪੀ.ਐਸ ਓਬਰਾਏ ਜੋ ਗਹਿਰੇ ਦੁਖ ਦੇ ਸਮੇਂ ਆਏ ਸਾਡੇ ਵੀਰ ਰਵਿੰਦਰ ਕੁਮਾਰ ਜੀ ਪਰਿਵਾਰ ਦੀ ਮੱਦਦ ਲਈ ਅੱਗੇ ਆਏ। ਇਸ ਮੌਕੇ ਟਰੱਸਟ ਦੇ ਦੌਆਬਾ ਜੌਨ ਦੇ ਇੰਚਾਰਜ ਅਮਰਜੋਤ ਸਿੰਘ, ਮੈਡਮ ਕੁਸ਼ਮ ਸ਼ਰਮਾ, ਅਮਰ ਦੁੱਗਲ, ਤਰਲੋਕ ਚੰਦ,ਅਮਰਜੀਤ ਸਿੰਘ,ਐਡਵੋਕੇਟ ਮਨਮੋਹਨ ਸਿੰਘ,ਰੰਜਿਦਰ ਚੋਪੜਾ ਆਦਿ ਹਾਜ਼ਰ ਸਨ।।
ਤੁਹਾਨੂੰ ਦੱਸਣਾ ਬਣਦਾ ਹੈ ਕਿ ਕਾਲਾ ਨੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ ਸੀ। ਦੋ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਦੁਬਈ ਵਿੱਚ ਕੰਮ ਕਰਨ ਲਈ ਘਰ ਛੱਡ ਗਿਆ ਸੀ। ਉੱਥੋਂ ਕਾਲਾ ਬਿਹਤਰ ਭਵਿੱਖ ਲਈ ਜਾਰਜੀਆ ਚਲਾ ਗਿਆ ਸੀ। ਕਾਲਾ ਦੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਦੀਪਕ ਉਸ ਨੂੰ ਕਦੇ ਨਹੀਂ ਮਿਲਿਆ ਅਤੇ ਉਸ ਨੇ ਉਸ ਨੂੰ ਸਿਰਫ ਵੀਡੀਓ ਕਾਲਾਂ ਦੌਰਾਨ ਦੇਖਿਆ ਸੀ।