You are currently viewing ਉਘੇ ਲੇਖਕ ਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਦਾ ਅਕਾਲ ਚਲਾਣਾ

ਉਘੇ ਲੇਖਕ ਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਦਾ ਅਕਾਲ ਚਲਾਣਾ

ਜਲੰਧਰ: ਪੰਜਾਬ ਦੇ ਸਾਹਿਤਕ ਤੇ ਪੱਤਰਕਾਰੀ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁਖ ਨਾਲ ਪੜੀ ਜਾਏਗੀ ਕਿ ਉੱਘੇ ਪੰਜਾਬੀ ਲੇਖਕ ਅਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ ਬੀਤੀ ਰਾਤ 12 ਵਜੇ 92 ਸਾਲ ਦੀ ਉਮਰ ਵਿਚ ਜਲੰਧਰ ਦੇ ਇਕ ਸਥਾਨਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਹਸਪਤਾਲ ਦੇ ਸੂਤਰਾਂ ਅਨੁਸਾਰ ਉਨ੍ਹਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਉਨ੍ਹਾਂ ਦਾ ਜਨਮ 14 ਅਗਸਤ, 1931 ਨੂੰ ਨਾਨਕੇ ਪਿੰਡ ਪਲਾਹੀ ਵਿਖੇ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਆਪਣੇ ਨਾਨਕੇ ਪਿੰਡ ਪਲਾਹੀ (ਨੇੜੇ ਫਗਵਾੜਾ) ਦੇ ਖ਼ਾਲਸਾ ਐਂਗਲੋ ਵਰਨੈਕੂਲਰ ਸਕੂਲ ਪਲਾਹੀ ਵਿਚ ਹਾਸਿਲ ਕੀਤੀ। ਦਸਵੀਂ ਤੱਕ ਦੀ ਸਿੱਖਿਆ ਉਨ੍ਹਾਂ ਨੇ ਰਾਮਗੜੀਆ ਹਾਈ ਸਕੂਲ ਫਗਵਾੜਾ ਤੋਂ ਹਾਸਿਲ ਕੀਤੀ। ਇਸੇ ਸਮੇਂ ਦੌਰਾਨ ਉਹ ਪੱਤਰਕਾਰੀ ਦੇ ਖੇਤਰ ਵਿਚ ਦਾਖਲ ਹੋ ਗਏ। ਗਿਆਨੀ ਭਾਨ ਸਿੰਘ ਦੀ ਸਰਪ੍ਰਸਤੀ ਹੇਠ ਰਾਮਗੜੀਆ ਐਜੂਕੇਸ਼ਨਲ ਕੌਂਸਲ ਫਗਵਾੜਾ ਦੇ ਅਖ਼ਬਾਰ ਰਾਮਗੜੀਆ ਗਜ਼ਟ ਵਿਚ ਕੰਮ ਕਰਨ ਲੱਗ ਪਏ ਅਤੇ ਇਸ ਅਦਾਰੇ ਵਿਚ ਉਨ੍ਹਾਂ ਨੇ ਲੰਮਾ ਸਮਾਂ ਕੰਮ ਕੀਤਾ। ਉਚੇਰੀ ਸਿੱਖਿਆ ਹਾਸਿਲ ਕਰਨ ਉਪਰੰਤ ਉਨ੍ਹਾਂ ਨੇ ਅਦਾਰਾ ਅਜੀਤ ਵਿਚ ਉਪ ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੰਮੇ ਸਮੇਂ ਤੱਕ ਉਪ ਸੰਪਾਦਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਉਨ੍ਹਾਂ ਦਾ ਵਿਆਹ ਬੀਬੀ ਮਹਿੰਦਰ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਹਿਰਦੇਜੀਤ ਸਿੰਘ, ਪ੍ਰੇਮਪਾਲ ਸਿੰਘ ਤੇ ਇਕ ਲੜਕੀ ਦੀਪ ਦਾ ਜਨਮ ਹੋਇਆ।

ਇਸ ਉਪਰੰਤ ਉਹ ਅਧਿਆਪਨ ਦੇ ਖੇਤਰ ਵਾਲੇ ਪਾਸੇ ਰੁਚਿਤ ਹੋ ਗਏ ਅਤੇ ਜਲੰਧਰ ਵਿਚ ਉਨ੍ਹਾਂ ਨੇ ਆਪਣੀ ਅਕਾਦਮੀ ਯੂਨੀਵਰਸਲ ਕਾਲਜ ਦੇ ਨਾਂਅ ਹੇਠ ਆਰੰਭ ਕੀਤੀ। ਉਨ੍ਹਾਂ ਦੀਆਂ ਆਲੋਚਨਾਂ ਅਤੇ ਨਾਟਕਾਂ ਦੀਆਂ ਪੁਸਤਕਾਂ ਵਿਸ਼ੇਸ਼ ਤੌਰ ‘ਤੇ ਚਰਚਿਤ ਹੋਈਆਂ। ਇਸ ਤੋਂ ਇਲਾਵਾ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਅਤੇ ਸਾਹਿਤਕ ਸੰਗਠਨਾਂ ਨਾਲ ਵੀ ਜੁੜੇ ਰਹੇ। ਪਲਾਹੀ ਗੁਰੂ ਹਰਿਗੋਬਿੰਦ ਐਜੂਕੇਸ਼ਨਲ ਕੌਂਸਿਲ ਦੇ ਪ੍ਰਧਾਨ ਰਹੇ। ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦੇ ਲੰਮੇ ਸਮੇਂ ਤਕ ਐਕਟਿੰਗ ਪ੍ਰਧਾਨ ਵੀ ਰਹੇ।

ਜਲੰਧਰ ਲੇਖਕ ਸਭਾ ਅਤੇ ਕੇਂਦਰੀ ਲੇਖਕ ਸਭਾ ਵਿਚ ਵੀ ਉਹ ਨਿਰੰਤਰ ਸਰਗਰਮ ਰਹੇ। ਰੋਜ਼ਾਨਾ ਅਜੀਤ ਵਿਚ ਦਹਾਕਿਆਂ ਤਕ ਉਹ ਕਾਲਮ ਨਵੀਸ ਵਜੋਂ ਪੰਜਾਬ ਦੇ ਭੱਖਦੇ ਮਸਲਿਆਂ ‘ਤੇ ਬੇਬਾਕੀ ਨਾਲ ਕਾਲਮ ਲਿਖਦੇ ਰਹੇ। ਇਸੇ ਸਮੇਂ ਦੌਰਾਨ ਪੰਜਾਬ ਜਾਗ੍ਰਿਤੀ ਮੰਚ ਦੇ ਵੀ ਉਹ ਲੰਮੇ ਸਮੇਂ ਤਕ ਪ੍ਰਧਾਨ ਰਹੇ। ਆਪਣੇ ਜੀਵਨਕਾਲ ਵਿੱਚ 36 ਤੋਂ ਵੱਧ ਪੁਸਤਕਾਂ ਉਨ੍ਹਾਂ ਨੇ ਆਪਣੇ ਪਾਠਕਾਂ ਦੇ ਹਵਾਲੇ ਕੀਤੀਆਂ। ਪੰਜਾਬ ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਦਰਜਨਾਂ ਸੰਸਥਾਵਾਂ ਵਲੋਂ ਸਮੇਂ-ਸਮੇਂ ਸਨਮਾਨਿਤ ਕੀਤਾ ਜਾਂਦਾ ਰਿਹਾ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ 25 ਮਈ ਵੀਰਵਾਰ ਨੂੰ ਸ਼ਾਮ 5 ਵਜੇ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿਚ ਹੋਵੇਗਾ। ਉਨ੍ਹਾਂ ਦੇ ਸਪੁੱਤਰਾਂ ਪ੍ਰੋ. ਹਿਰਦੇਜੀਤ ਸਿੰਘ ਅਤੇ ਪ੍ਰੇਮਪਾਲ ਸਿੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ, ਕਿ ਕਿਉਂਕਿ ਉਨ੍ਹਾਂ ਦਾ ਦਿਹਾਂਤ ਕੋਰੋਨਾ ਕਾਰਨ ਹੋਇਆ ਹੈ ਅਤੇ ਕੋਰੋਨਾ ਦੇ ਪ੍ਰੋਟੋਕੋਲ ਅਨੁਸਾਰ ਹੀ ਉਨ੍ਹਾਂ ਦੇ ਸਸਕਾਰ ਵਿਚ ਸਿਰਫ਼ ਪਰਿਵਾਰਿਕ ਮੈਂਬਰ ਹੀ ਸ਼ਾਮਿਲ ਹੋਣਗੇ। ਉਨ੍ਹਾਂ ਸੰਬੰਧੀ ਅੰਤਿਮ ਅਰਦਾਸ 28 ਮਈ, ਐਤਵਾਰ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ 1.30 ਤੋਂ 2.30 ਵਜੇ ਤੱਕ ਹੋਵੇਗੀ। ਇਸ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਰਿਸ਼ਤੇਦਾਰ ਸ਼ਿਰਕਤ ਕਰ ਸਕਦੇ ਹਨ।

Eminent writer and journalist Prof. Pyara Singh Bhogal passed away